ਚੰਡੀਗੜ੍ਹ:
ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਵਿੱਚ ਸਮੁੱਚੀ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਇੱਥੇ ਪੇਡਾ ਆਡੀਟੋਰੀਅਮ ਵਿਖੇ “ਊਰਜਾ ਕੁਸ਼ਲ ਇਲੈਕਟ੍ਰੀਕਲ ਉਪਕਰਨਾਂ” ਬਾਰੇ ਇੱਕ ਤਕਨੀਕੀ ਵਰਕਸ਼ਾਪ ਕਰਵਾਈ ਗਈ।
ਇਹ ਵਰਕਸ਼ਾਪ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.), ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਮਿਊਂਸੀਪਲ ਡਿਮਾਂਡ ਸਾਈਡ ਮੈਨੇਜਮੈਂਟ ਪ੍ਰੋਗਰਾਮ ਤਹਿਤ ਪੰਜਾਬ ਦੇ ਭਾਈਵਾਲ ਵਿਭਾਗਾਂ ਜਿਵੇਂ ਯੂ.ਐਲ.ਬੀਜ਼, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਵਿਕਾਸ ਅਥਾਰਟੀਆਂ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਮੰਡੀ ਬੋਰਡ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਪੀ.ਐਸ.ਪੀ.ਸੀ.ਐਲ. ਦੇ ਸਹਿਯੋਗ ਨਾਲ ਕਰਵਾਈ ਗਈ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਰਪਾਲ ਸਿੰਘ ਨੇ ਸੂਬੇ ਵਿੱਚ ਇਮਾਰਤਾਂ, ਉਦਯੋਗਾਂ ਅਤੇ ਨਗਰ ਪਾਲਿਕਾਵਾਂ ਵਿੱਚ ਊਰਜਾ ਕੁਸ਼ਲਤਾ ਦੀ ਮਹੱਤਤਾ ਅਤੇ ਨਵੀਂ ਤੇ ਨਵੀਨਤਾਕਾਰੀ ਊਰਜਾ ਕੁਸ਼ਲ ਤਕਨਾਲੋਜੀਆਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਿਊਂਸੀਪਲ ਡਿਮਾਂਡ ਸਾਈਡ ਮੈਨੇਜਮੈਂਟ (ਐਮ.ਯੂ.ਡੀ.ਐਸ.ਐਮ.) ਇੱਕ ਅਜਿਹਾ ਪ੍ਰੋਗਰਾਮ ਹੈ ਜਿਸਦਾ ਉਦੇਸ਼ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀਜ਼) ਦੀ ਸਮੁੱਚੀ ਊਰਜਾ ਕੁਸ਼ਲਤਾ ਨੂੰ 35-40 ਫ਼ੀਸਦ ਤੱਕ ਵਧਾਉਣਾ ਹੈ। ਯੂ.ਐਲ.ਬੀਜ਼ ਵਿੱਚ ਊਰਜਾ ਕੁਸ਼ਲਤਾ ਸਬੰਧੀ ਸਟ੍ਰੀਟ ਲਾਈਟਾਂ, ਇਮਾਰਤਾਂ ਅਤੇ ਪਾਣੀ ਵਾਲੇ ਪੰਪਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਐਮ.ਯੂ.ਡੀ.ਐਸ.ਐਮ. ਨੂੰ ਉਪਯੋਗਤਾ ਗਤੀਵਿਧੀਆਂ (ਉਪਭੋਗਤਾ ਮੀਟਰ ਤੋਂ ਪਰੇ) ਦੀ ਯੋਜਨਾਬੰਦੀ, ਲਾਗੂ ਕਰਨ ਅਤੇ ਨਿਗਰਾਨੀ ਵਜੋਂ ਦਰਸਾਇਆ ਗਿਆ ਹੈ, ਜੋ ਕਿ ਉਪਯੋਗਤਾਵਾਂ ਨੂੰ ਬਿਜਲੀ ਦੀ ਮੰਗ ਦੇ ਸਮੇਂ ਅਤੇ ਪੱਧਰ ਦੇ ਸਬੰਧ ਵਿੱਚ, ਉਹਨਾਂ ਦੇ ਬਿਜਲੀ ਖਪਤ ਦੇ ਪੈਟਰਨਾਂ ਵਿੱਚ ਸੋਧ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਬਿਜਲੀ ਦੀ ਹੋਰ ਕੁਸ਼ਲਤਾ ਨਾਲ ਵਰਤੋਂ ਕਰਨ ਵਿੱਚ ਉਪਯੋਗਤਾਵਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਦਾ ਸਿੱਧਾ ਪ੍ਰਭਾਵ ਵਸਨੀਕਾਂ ਦੇ ਰਹਿਣ-ਸਹਿਣ ‘ਤੇ ਪੈਂਦਾ ਹੈ ਅਤੇ ਇਸ ਦੀ ਮਦਦ ਨਾਲ ਹੋਈ ਊਰਜਾ ਬੱਚਤ ਨੂੰ ਹੋਰ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ।
ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਸੂਬੇ ਵਿੱਚ ਟੀ ਐਂਡ ਡੀ ਘਾਟੇ ਨੂੰ 14 ਫ਼ੀਸਦ ਤੋਂ ਘਟਾ ਕੇ 12.05 ਫ਼ੀਸਦ ਕਰਨ ਲਈ ਦੇਸ਼ ਵਿੱਚ ਉਤਮ ਕਾਰਗੁਜ਼ਾਰੀ ਵਾਲੇ ਐਮ.ਯੂ.ਡੀ.ਐਸ.ਐਮ. ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਸੂਬੇ ਵਿੱਚ ਸਾਫ਼ ਅਤੇ ਘੱਟ-ਕਾਰਬਨ ਵਾਲੀ ਊਰਜਾ ਦੀ ਵਰਤੋਂ ਨੂੰ ਵਧਾਉਣ ਲਈ ਪੇਡਾ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਸਰਕਾਰ ਵੱਲੋਂ ਐਮ.ਯੂ.ਡੀ.ਐਸ.ਐਮ. ਨੂੰ ਲਾਗੂ ਕਰਨ ਲਈ ਢੁਕਵੇਂ ਸੰਸਥਾਗਤ ਅਤੇ ਰੈਗੂਲੇਟਰੀ ਢਾਂਚੇ ਲਈ ਲਗਾਤਾਰ ਵੱਖ-ਵੱਖ ਨੀਤੀਆਂ ਅਤੇ ਪ੍ਰੋਗਰਾਮ ਲਿਆਂਦੇ ਜਾ ਰਹੇ ਹਨ।
ਵਰਕਸ਼ਾਪ ਦੌਰਾਨ ਰਿਵਾਇਤੀ ਊਰਜਾ ਤੋਂ ਪਰਿਵਰਤਨ ਨੂੰ ਅਪਣਾਉਣ ਅਤੇ ਸੂਬੇ ਵਿੱਚ ਕਾਰਬਨ ਦੇ ਨਿਕਾਸ ਨੂੰ ਘੱਟ ਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਤਕਨੀਕੀ ਵਰਕਸ਼ਾਪ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਟਾਊਨ ਪਲਾਨਰ ਸ੍ਰੀ ਮਾਨਵ ਜੈਨ ਅਤੇ ਚੰਡੀਗੜ੍ਹ ਚੈਪਟਰ ਦੇ ਸਾਬਕਾ ਆਈ.ਜੀ.ਬੀ.ਸੀ. ਚੇਅਰਮੈਨ ਸ੍ਰੀ ਜੀਤ ਕੁਮਾਰ ਗੁਪਤਾ ਅਤੇ ਹੋਰ ਭਾਈਵਾਲ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।