Breaking
Sat. Nov 9th, 2024

ਲੀਚੀ ਉਤਪਾਦਕਾਂ ਦੀਆਂ ਸਮੱਸਿਆਵਾਂ ਛੇਤੀ ਕਰਾਂਗੇ ਹੱਲ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ, 13 ਦਸੰਬਰ:

ਪੰਜਾਬ ਵਿੱਚ ਬਾਗ਼ਬਾਨੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਗੁਰਦਾਸਪੁਰ ਅਤੇ ਪਠਾਨਕੋਟ ਦੇ ਲੀਚੀ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ।

ਇੱਥੇ ਪੰਜਾਬ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਵੱਲੋਂ ਲੀਚੀ ਦੇ ਬਾਗ਼ਾਂ ਲਈ ਅਪ੍ਰੈਲ ਅਤੇ ਮਈ ਦੇ ਪੀਕ ਸੀਜ਼ਨ ਦੌਰਾਨ ਰਾਤ ਸਮੇਂ ਨਿਰੰਤਰ 10 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਸਬੰਧੀ ਪੀ.ਐਸ.ਪੀ.ਸੀ.ਐਲ. ਦੇ ਚੀਫ਼ ਇੰਜੀਨੀਅਰ ਸ੍ਰੀ ਸਤਿੰਦਰ ਸ਼ਰਮਾ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਮੰਗ ਨੂੰ ਤਰਜੀਹੀ ਤੌਰ ‘ਤੇ ਪੂਰੀ ਕਰਨ। ਕੈਬਨਿਟ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਸਕੱਤਰ ਸ੍ਰੀ ਚੰਦਰ ਗੇਂਦ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਨਹਿਰਾਂ ਅਤੇ ਮਾਈਨਰਾਂ ਆਦਿ ਦੀ ਮੁਰੰਮਤ ਦਾ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਗਰਮੀਆਂ ਦੇ ਮੌਸਮ ਵਿੱਚ ਲੀਚੀ ਬਾਗ਼ਬਾਨਾਂ ਨੂੰ ਨਿਰਵਿਘਨ ਨਹਿਰੀ ਪਾਣੀ ਸਪਲਾਈ ਹੋ ਸਕੇ। ਉਨ੍ਹਾਂ ਕਿਹਾ ਕਿ ਮਾਰਚ ਅਤੇ ਅਪ੍ਰੈਲ ਦੌਰਾਨ ਨਹਿਰੀ ਵਿਭਾਗ ਵਲੋਂ ਨਹਿਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਨਾਲ ਬਾਗ਼ਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਹੀਂ ਮਿਲਦੀ ਅਤੇ ਫਲ ਦੀ ਉਪਜ ਪ੍ਰਭਾਵਤ ਹੁੰਦੀ ਹੈ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਐਗਰੋ ਦੇ ਜਨਰਲ ਮੈਨੇਜਰ ਸ੍ਰੀ ਰਣਬੀਰ ਸਿੰਘ ਨੂੰ ਹਦਾਇਤ ਕੀਤੀ ਗਈ ਕਿ ਉਹ ਲੀਚੀ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਤਲਾਸ਼ਣ ਤਾਂ ਜੋ ਸੂਬੇ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿੱਚ ਲੀਚੀ ਦਾ ਮੰਡੀਕਰਨ ਯਕੀਨੀ ਬਣਾਇਆ ਜਾ ਸਕੇ ਅਤੇ ਬਾਗ਼ਬਾਨ ਵਧ ਮੁਨਾਫ਼ਾ ਕਮਾ ਸਕਣ। ਇਸੇ ਤਰ੍ਹਾਂ ਉਨ੍ਹਾਂ ਮੀਟਿੰਗ ‘ਚ ਮੌਜੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਲੀਚੀ ਦੀਆਂ ਨਵੀਆਂ ਕਿਸਮਾਂ ਲਿਆਉਣ ਅਤੇ ਨਿਰਯਾਤ ਆਧਾਰਤ ਪੈਕੇਜਿੰਗ ਨੂੰ ਡਿਜ਼ਾਈਨ ਕਰਨ ਅਤੇ ਉਪਲਬਧ ਕਰਵਾਉਣ ਲਈ ਕਿਹਾ।

ਕਿਸਾਨਾਂ ਵੱਲੋਂ ਬਾਗ਼ਾਂ ਵਿੱਚ ਸੋਲਰ ਸਿਸਟਮ ਲਾਉਣ ਦੀ ਮੰਗ ਸਬੰਧੀ ਕੈਬਨਿਟ ਮੰਤਰੀ ਨੇ ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਰਾਜੇਸ਼ ਬਾਂਸਲ ਨੂੰ ਹਦਾਇਤ ਕੀਤੀ ਕਿ ਉਹ ਬਾਗ਼ਾਂ ਲਈ ਸੋਲਰ ਪੰਪ ਮੁਹੱਈਆ ਕਰਾਉਣ ਲਈ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਵਿਭਾਗ ਦੀ ਸਿਫ਼ਾਰਸ਼ ‘ਤੇ ਬਾਗ਼ਬਾਨਾਂ ਲਈ 500 ਤੋਂ 1000 ਸੋਲਰ ਪੰਪਾਂ ਦੀ ਗਿਣਤੀ ਨਿਰਧਾਰਤ ਕੀਤੀ ਜਾਵੇ।

ਕੈਬਨਿਟ ਮੰਤਰੀ ਨੇ ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਲੀਚੀ ਅਸਟੇਟ ਵਿਖੇ ਵਿਸ਼ੇਸ਼ ਆਊਟਲੈਟ ਰਾਹੀਂ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਵੱਖ-ਵੱਖ ਕੀਟਨਾਸ਼ਕ/ਉੱਲੀਨਾਸ਼ਕ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਮੰਤਰੀ ਨੇ ਕਿਹਾ ਕਿ ਉਹ ਲੀਚੀ ਅਸਟੇਟ ਨੂੰ ਵਾਧੂ ਫ਼ੰਡ ਮੁਹੱਈਆ ਕਰਵਾਉਣ ਲਈ ਅਗਲੇ ਦਿਨਾਂ ‘ਚ ਵਿੱਤ ਮੰਤਰੀ ਨਾਲ ਮੀਟਿੰਗ ਕਰਨਗੇ। ਉਨ੍ਹਾਂ ਡਾਇਰੈਕਟਰ ਬਾਗ਼ਬਾਨੀ ਨੂੰ ਲੀਚੀ ਉਤਪਾਦਕਾਂ ਲਈ ਬੀਮਾ ਸਕੀਮ ਬਣਾਉਣ ਲਈ ਨੇੜ ਭਵਿੱਖ ਵਿੱਚ ਬੀਮਾ ਕੰਪਨੀਆਂ ਨਾਲ ਮੀਟਿੰਗ ਕਰਾਉਣ ਲਈ ਵੀ ਕਿਹਾ।

ਸ. ਜੌੜਾਮਾਜਰਾ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਲੀਚੀ ਦੇ ਬਾਗ਼ਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਾਉਣ ਦੀ ਯੋਜਨਾ ਤਿਆਰ ਕਰਨ ਆਖਿਆ।

ਬਾਗ਼ਬਾਨੀ ਮੰਤਰੀ ਨੇ ਕਿਸਾਨਾਂ ਨੂੰ ਕਲੱਸਟਰ ਬਣਾਉਣ ਅਤੇ ਸਾਂਝੇ ਤੌਰ ‘ਤੇ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਉਪਜ ਦੇ ਲਾਗਤ ਖ਼ਰਚੇ ਘਟਾਉਣ ਵਿੱਚ ਮਦਦ ਮਿਲੇਗੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਸਕੱਤਰ ਸ੍ਰੀ ਚੰਦਰ ਗੇਂਦ, ਡਾਇਰੈਕਟਰ ਬਾਗ਼ਬਾਨੀ ਸ਼੍ਰੀਮਤੀ ਸ਼ੈਲੇਂਦਰ ਕੌਰ, ਸਕੱਤਰ ਮੰਡੀ ਬੋਰਡ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਬਾਗ਼ਬਾਨੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਸੱਯਮ ਅਗਰਵਾਲ, ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ. ਹਰਪ੍ਰੀਤ ਸਿੰਘ, ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ (ਨਹਿਰਾਂ) ਸ੍ਰੀ ਜੇ.ਪੀ. ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *