ਚੰਡੀਗੜ੍ਹ: ਸੈਕਟਰ-10 ਸਥਿਤ ਲਈਅਰ ਵੈਲੀ ਵਿੱਚ ਅੱਜ ਤੋਂ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ’ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਾਰਨੀਵਾਲ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਾਰਨੀਵਾਲ ਪਰੇਡ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਪੁਰੋਹਿਤ ਨੇ ਗੁਬਾਰੇ ਛੱਡ ਕੇ ਮੇਲੇ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਮੇਲੇ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਲੋਕ ਕਲਾਕਾਰਾਂ ਦੀ ਹੌਸਲਾ-ਅਫਜ਼ਾਈ ਕੀਤੀ।
ਮੇਲੇ ਦੌਰਾਨ ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰ ਇੱਥੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਕਾਰਨੀਵਾਲ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਬੱਚਿਆਂ ਲਈ ਝੂਲੇ, ਸਿਟਕੋ ਦੇ ਸਟਾਲ ਅਤੇ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚੰਡੀਗੜ੍ਹ ਪੁਲੀਸ, ਫਾਇਰ ਬ੍ਰਿਗੇਡ ਅਤੇ ਸਮਾਜਿਕ ਭਲਾਈ ਵਿਭਾਗ ਵੱਲੋਂ ਸਟਾਲ ਲਗਾਏ ਗਏ ਹਨ। ਦੂਜੇ ਪਾਸੇ, ਤਿੰਨ ਦਿਨ ਚੱਲਣ ਵਾਲੇ ਇਸ ਫੈਸਟੀਵਲ ਲਈ ਚੰਡੀਗੜ੍ਹ ਪੁਲੀਸ ਨੇ ਵਾਹਨ ਪਾਰਕਿੰਗ ਅਤੇ ਪਿਕ-ਡਰਾਪ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੁਲੀਸ ਨੇ ਆਵਾਜਾਈ ਦੀ ਦਿੱਕਤ ਦੇਖਦਿਆਂ ਆਮ ਲੋਕਾਂ ਨੂੰ ਸੈਕਟਰ-10 ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਨਾ ਆਉਣ ਦੀ ਸਲਾਹ ਦਿੱਤੀ ਹੈ।
ਇਸ ਕਾਰਨੀਵਾਲ ਦੇ ਉਦਘਾਟਨ ਮੌਕੇ ਸਿਟੀ ਮੇਅਰ ਅਨੂਪ ਗੁਪਤਾ, ਚੰਡੀਗੜ੍ਹ ਪੁਲੀਸ ਦੇ ਡੀਜੀਪੀ ਪ੍ਰਵੀਰ ਰੰਜਨ, ਪ੍ਰਸ਼ਾਸਕ ਦੇ ਕਾਰਜਕਾਰੀ ਸਲਾਹਕਾਰ ਨਿਤਿਨ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।