ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਿਆਉਣ ਲਈ 400 ਕਰੋੜ ਰੁਪਏ ਦੇ ਲਗਜ਼ਰੀ ਜਹਾਜ਼ ਨੂੰ ਕਿਉਂ ਕਿਰਾਏ ’ਤੇ ਲਿਆ ਜਦੋਂ ਕਿ ਪਾਰਟੀ ਨੇ ਮੰਗ ਕੀਤੀ ਕਿ ਕੇਜਰੀਵਾਲ ਦੇ ਪੰਜਾਬ ਸਮੇਤ ਚੋਣਾਂ ਵਾਲੇ ਹੋਰ ਰਾਜਾਂ ਵਿਚ ਦੌਰੇ ’ਤੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਸਾਰੇ ਦੀ ਰਾਸ਼ੀ ਆਮ ਆਦਮੀ ਪਾਰਟੀ (ਆਪ) ਤੋਂ ਵਸੂਲੀ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ 10 ਲੱਖ ਰੁਪਏ ਪ੍ਰਤੀ ਘੰਟਾ ਕਿਰਾਏ ਵਾਲਾ 400 ਕਰੋੜ ਰੁਪਏ ਡਸਾਲਟ ਫੈਲਕੋਨ 2000 ਐਲ ਐਕਸ ਜਹਾਜ਼ ਕੇਜਰੀਵਾਲ ਦੇ ਸਫਰ ਵਾਸਤੇ ਕਿਰਾਏ ’ਤੇ ਲਿਆ ਤਾਂ ਜੋ ਉਹ 17 ਦਸੰਬਰ ਨੂੰ ਦਿੱਲੀ ਤੋਂ ਬਠਿੰਡਾ ਆ ਸਕਣ ਬਲਕਿ ਮੁੱਖ ਮੰਤਰੀ ਨੇ ਆਪ ਚੰਡੀਗੜ੍ਹ ਤੋਂ ਸਰਕਾਰੀ ਹੈਲੀਕਾਪਟਰ ਰਾਹੀਂ ਬਠਿੰਡਾ ਪਹੁੰਚ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਰਾਹੀਂ ਮੌੜ ਰੈਲੀ ਵਾਲੀ ਥਾਂ ਪਹੁੰਚਾਇਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਜਰੀਵਾਲ ਆਪਣੇ ਆਪ ਨੂੰ ’ਆਮ ਆਦਮੀ’ ਦੱਸਦੇ ਸਨ ਜਦੋਂ ਕਿ ਸਿਰਫ 30 ਕਿਲੋਮੀਟਰ ਦਾ ਸੜਕ ਸਫਰ ਕਰਨ ਦੀ ਥਾਂ ਉਹਨਾਂ ਹੈਲੀਕਾਪਟਰ ਰਾਹੀਂ ਇਹ ਸਫਰ ਕਰਨ ਵਾਸਤੇ ਭਗਵੰਤ ਮਾਨ ਦੀ ਉਡੀਕ ਕੀਤੀ।
ਸਮਾਜਿਕ ਕਾਰਕੁੰਨ ਮਾਣਿਕ ਗੋਇਲ ਵੱਲੋਂ ਆਪ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਦੀ ਸ਼ਲਾਘਾ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਗੋਇਲ ਨੇ ਉਹ ਤਰੀਕਾ ਬੇਨਕਾਬ ਕੀਤਾ ਹੈ ਜਿਸ ਰਾਹੀਂ ਮੁੱਖ ਮੰਤਰੀ ਕਿਰਾਏ ਦੇ ਜਹਾਜ਼ ’ਤੇ ਝੂਠੇ ਲੈਣ ਵਾਸਤੇ ਦੁਰਵਰਤੋਂ ਕੀਤੀ ਤੇ ਉਹਨਾਂ ਨੇ ਕੇਜਰੀਵਾਲ ਦੇ ਨਾਲ-ਨਾਲ ਭਗਵੰਤ ਮਾਨ ਦੇ ਸਫਰ ਦੀ ਕਹਾਣੀ ਵੀ ਫਾਈਟ ਰਡਾਰ ਐਪ ਤੋਂ ਲੈ ਕੇ ਬੇਨਕਾਬ ਕੀਤੀ।
ਸਰਦਾਰ ਰੋਮਾਣਾ ਨੇ ਕਿਹਾ ਕਿ ਇਹ ਪਹਿਲਾਂ ਹੀ ਕੰਗਾਲ ਹੋ ਚੁੱਕੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਤੋਂ ਕੀਤੀ ਜਾ ਰਹੀ ਫਜ਼ੂਲ ਖਰਚੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਸਾਲ ਵਿਚ ਹੀ 1000 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਇਸਨੇ ਕੇਜਰੀਵਾਲ ਦੀ ਫਲਾਈਟ ਵਾਸਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜੋ ਅਸਲ ਵਿਚ ਦਿੱਲੀ ਸਰਕਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਖਰਚ ਕੀਤੇ ਜਾਣੇ ਚਾਹੀਦੇ ਸਨ।
ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਨੂੰ ਜਵਾਬ ਦੇਣ ਕਿ ਸਰਕਾਰੀ ਖ਼ਜ਼ਾਨੇ ਦਾ ਇਹ ਪੈਸਾ ਕੇਜਰੀਵਾਲ ਦੀਆਂ ਸਫਰ ਯੋਜਨਾਵਾਂ ਵਾਸਤੇ ਕਿਉਂ ਉਡਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਸਰਕਾਰ ਵੱਲੋਂ ਕਿਰਾਏ ’ਤੇ ਲਏ ਚਾਰਟਡ ਜਹਾਜ਼ ’ਤੇ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ਵਿਚ ਅਨੇਕਾਂ ਦੌਰੇ ਕੀਤੇ ਹਨ।
ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਕੇਜਰੀਵਾਲ ਦੇ ਸਫਰ ਦਾ ਖਰਚਾ ਚੁੱਕਣ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਆਪਣੇ ਆਕਾ ਦਾ ਟੂਰ ਅਪਰੇਟਰ ਬਣ ਕੇ ਕੰਮ ਕਰਨ ਤੇ ਦੌਰਿਆਂ ਦਾ ਖਰਚ ਸਰਕਾਰੀ ਖ਼ਜ਼ਾਨੇ ਵਿਚੋਂ ਕਰਨ ਦੀ ਨਿਖੇਧੀ ਕੀਤੀ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸ੍ਰੀ ਕੇਜਰੀਵਾਲ ਪੰਜਾਬ ਵਿਚ ਆਪ ਸਰਕਾਰ ਬਣਨ ਤੋਂ ਪਹਿਲਾਂ ਕਮਰਸ਼ੀਅਲ ਏਅਰਲਾਈਨਜ਼ ਵਿਚ ਸਫਰ ਕਰਦੇ ਸਨ ਪਰ ਭਗਵੰਤ ਮਾਨ ਵੱਲੋਂ ਮਾਰਚ 2022 ਵਿਚ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਇਹਨਾਂ ਚਾਰਟਡ ਜਹਾਜ਼ਾਂ ਵਿਚ ਸਫਰ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਇਹਨਾ ਦੌਰਿਆਂ ਤੋਂ ਇਲਾਵਾ ਇਸ਼ਤਿਹਾਰਬਾਜ਼ੀ ਰਾਹੀਂ ਬਰਾਬਾਦੀ ਕੀਤੀ ਜਾ ਰਹੀ ਹੈ ਤੇ ਆਪ ਸਰਕਾਰ ਰੇਤ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਉਗਰਾਹੁਣ ਵਿਚ ਨਾਕਾਮ ਰਹੇ ਹਨ ਤੇ ਸੂਬੇ ਵਿਚ ਸੈਂਕੜੇ ਕਰੋੜ ਰੁਪਏ ਦਾ ਸ਼ਰਾਬ ਘੋਟਾਲਾ ਹੋਇਆ ਤੇ ਨਾਲ ਹੀ ਆਪ ਸਰਕਾਰ ਨੇ 20 ਮਹੀਨਿਆਂ ਵਿਚ ਸੂਬੇ ਸਿਰਫ 60 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹਾ ਦਿੱਤਾ ਹੈ।