ਚੰਡੀਗੜ੍ਹ: ਪੰਜਾਬ ਰਾਜ ਭਵਨ ਵਿਖੇ ਆਸਾਮ ਦਾ ਰਾਜ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। 1 ਦਸੰਬਰ ਨੂੰ ਕਲਾਗ੍ਰਾਮ ਵਿਖੇ ਨਾਗਾਲੈਂਡ ਸਥਾਪਨਾ ਦਿਵਸ ਦੇ ਰੂਪ ਵਿੱਚ ਸ਼ਾਨਦਾਰ ਜਸ਼ਨ ਮਨਾਇਆ ਗਿਆ ਅਤੇ 2 ਦਸੰਬਰ ਨੂੰ ਪੰਜਾਬ ਰਾਜ ਭਵਨ ਦੇ ਬੈਂਕੁਏਟ ਹਾਲ ਵਿੱਚ ਅਸਾਮ ਸਥਾਪਨਾ ਦਿਵਸ ਵਜੋਂ ਮਨਾਇਆ ਗਿਆ।
ਸਮਾਗਮ ਦੌਰਾਨ ਪੂਰੇ ਰਾਜ ਭਵਨ ਵਿੱਚ ਜਸ਼ਨ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਹ ਸਮਾਗਮ ਪੰਜਾਬ ਰਾਜ ਭਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਇਸ ਮੌਕੇ ‘ਤੇ ਬੋਲਦਿਆਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਰਾਜ ਭਵਨਾਂ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਥਾਪਨਾ ਦਿਵਸ ਦੇ ਜਸ਼ਨਾਂ ਨੇ ਦੇਸ਼ ਦੀ ਅਖੰਡਤਾ ਅਤੇ ਰਾਸ਼ਟਰੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਇਹ ਸੋਚ ਹੈ ਕਿ ਸੱਭਿਆਚਾਰਕ ਵਿਭਿੰਨਤਾ ਨੂੰ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸੰਪਰਕ ਅਤੇ ਆਪਸੀ ਸਾਂਝ ਰਾਹੀਂ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ “ਏਕ ਭਾਰਤ, ਸ੍ਰੇਸ਼ਠ ਭਾਰਤ” ਦੀ ਭਾਵਨਾ ਦੇਸ਼ ਭਰ ਵਿੱਚ ਘਰ ਕਰ ਸਕੇ। ਅਸਾਮ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਅਸਾਮ ਕੁਦਰਤੀ ਸੁੰਦਰਤਾ ਅਤੇ ਆਕਰਸ਼ਣ ਦਾ ਕੇਂਦਰ ਹੈ। ਰਾਜ ਵਿੱਚ ਉੱਚ ਗੁਣਵੱਤਾ ਵਾਲੀ ਚਾਹ ਪੈਦਾ ਹੁੰਦੀ ਹੈ ਜੋ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਰਾਜਪਾਲ ਨੇ ਭਾਰਤ ਦੀ ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਸੁੰਦਰ ਸਤਰੰਗੀ ਪੀਂਘ ਦੱਸਿਆ ਅਤੇ ਕਿਹਾ ਕਿ ਬਹੁਲਵਾਦ ਭਾਰਤ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਅਤੇ ਤਾਕਤ ਹੈ। ਉਹਨਾਂ ਕਿਹਾ ਕਿ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਤਾਂ ਹੀ ਹੋ ਸਕਦੀ ਹੈ ਜਦੋਂ ਇਸਦਾ ਹਰੇਕ ਰਾਜ ਤਰੱਕੀ ਕਰੇਗਾ।
ਪ੍ਰੋਗਰਾਮ ਦੌਰਾਨ ਉਨ੍ਹਾਂ ਸਾਰਿਆਂ ਨੂੰ ਇਕਜੁੱਟ ਹੋ ਕੇ ਇਕ ਨਵੇਂ ਅਤੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਹੰਬਲਾ ਮਾਰਨ ਦੀ ਅਪੀਲ ਵੀ ਕੀਤੀ।ਸਮਾਗਮ ਦੀ ਸ਼ੁਰੂਆਤ ਗਣੇਸ਼ ਸਤੂਤੀ ਨਾਲ ਹੋਈ ਜਿਸ ਤੋਂ ਬਾਅਦ ਇੱਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਸੁਰੀਲੇ ਅਸਾਮੀ ਲੋਕ ਸੰਗੀਤ ਤੇ ਸ਼ਾਸਤਰੀ ਨਾਚ ਕਥਕ ਅਤੇ ਅਸਾਮੀ ਤੇ ਉੱਤਰ-ਪੂਰਬੀ ਗਰੁੱਪ ਡਾਂਸ ਦੀ ਪੇਸ਼ਕਾਰੀਆਂ ਦਿੰਦਿਆਂ ਆਸਾਮ ਦੀ ਅਮੀਰ ਵਿਰਾਸਤ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।