ਚੰਡੀਗੜ੍ਹ: ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਰ ਵਰਗ ਦੇ ਲੋਕਾਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਭਵਿੱਖ ਲਈ ਬਿਜਲੀ ਬਚਾਉਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ।
ਕੌਮੀ ਊਰਜਾ ਸੰਭਾਲ ਦਿਵਸ ਮੌਕੇ ਸੂਬੇ ਦੇ ਲੋਕਾਂ ਦੇ ਨਾਮ ਸੰਦੇਸ਼ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਬਿਜਲੀ ਸਮਾਜ ਦੀ ਸਰਬਪੱਖੀ ਤਰੱਕੀ ਲਈ ਇੱਕ ਅਹਿਮ ਸਾਧਨ ਹੈ, ਇਸ ਲਈ ਸਾਰੇ ਨਾਗਰਿਕਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਬਿਜਲੀ ਦੀ ਬੱਚਤ ਕਰਕੇ ਰਾਜ ਦੇ ਨਾਲ-ਨਾਲ ਦੇਸ਼ ਦੇ ਖੁਸ਼ਹਾਲ ਭਵਿੱਖ ਲਈ ਯੋਗਦਾਨ ਪਾਉਣ।
ਉਨ੍ਹਾਂ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ) ਦੇ ਮਾਪਦੰਡਾਂ ਅਨੁਸਾਰ ਸਟਾਰ-ਰੇਟ ਕੀਤੇ ਗਏ ਊਰਜਾ ਦੀ ਬੱਚਤ ਕਰਨ ਵਾਲੇ ਬਿਜਲੀ ਉਪਕਰਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਬਿਜਲੀ ਦੀ ਸੁਚੱਜੀ ਵਰਤੋਂ ਖਪਤਕਾਰਾਂ ਦੇ ਪੈਸੇ ਦੀ ਬਚਤ ਕਰਨ ਦੇ ਨਾਲ-ਨਾਲ ਕੌਮੀ ਨਿਰਮਾਣ ਵਿੱਚ ਵੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਕਰੋੜ ਤੋਂ ਵੱਧ ਬਿਜਲੀ ਖਪਤਕਾਰ ਹਨ ਅਤੇ ਜੇਕਰ ਹਰ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬਚਤ ਕਰ ਲਵੇ ਤਾਂ ਇਹ ਬਿਜਲੀ ਦੀ ਵੱਡੀ ਬੱਚਤ ਵਿੱਚ ਤਬਦੀਲ ਹੋ ਸਕਦੀ ਹੈ।