ਚੰਡੀਗੜ੍ਹ: ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਜਿੱਥੇ ਜ਼ਮੀਨਦੋਜ਼ ਪਾਣੀ ਦੇ ਸਰੋਤਾਂ ’ਤੇ ਨਿਰਭਰਤਾ ਘਟਾਉਣ ਲਈ ਸਿੰਜਾਈ ਲਈ ਸੋਧੇ ਹੋਏ (ਟ੍ਰੀਟਡ) ਪਾਣੀ ਦੀ ਵਰਤੋਂ ਵਿੱਚ ਦੁੱਗਣਾ ਇਜ਼ਾਫ਼ਾ ਕਰਨ ਦਾ ਟੀਚਾ ਦਿੱਤਾ, ਉਥੇ ਛੱਪੜਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਸਿੰਜਾਈ ਲਈ ਕਰਨ ’ਤੇ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ।
ਸ. ਜੌੜਾਮਾਜਰਾ ਨੇ ਪਿਛਲੇ ਹਫ਼ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਵਿਖੇ ਪਲੇਠੀ ਮੀਟਿੰਗ ਦੌਰਾਨ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲਿਆ।
ਭੂਮੀ ਅਤੇ ਜਲ ਸੰਭਾਲ ਮੰਤਰੀ ਨੇ ਸੂਬੇ ਦੇ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਰਸਾਉਂਦੇ ਹੋਏ ਵਿਭਾਗ ਨੂੰ ਕੀਮਤੀ ਜਲ ਸਰੋਤਾਂ ਨੂੰ ਬਚਾਉਣ ‘ਤੇ ਜ਼ੋਰ ਦਿੰਦੇ ਹੋਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨਵੇਂ ਪ੍ਰੋਗਰਾਮ ਉਲੀਕਣ ਅਤੇ ਚੱਲ ਰਹੇ ਜਲ ਸੰਭਾਲ ਅਤੇ ਪ੍ਰਬੰਧਨ ਦੇ ਕੰਮਾਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਖੇਤੀਬਾੜੀ ਵਿੱਚ ਨਹਿਰੀ ਪਾਣੀ, ਟ੍ਰੀਟਿਡ ਪਾਣੀ ਅਤੇ ਖਾਸ ਤੌਰ ਤੇ ਛੱਪੜਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ’ ਤੇ ਜ਼ੋਰ ਦਿੱਤਾ ਜਿਸ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਛੱਪੜਾਂ ਦੇ ਪਾਣੀ ਦੀ ਲਗਾਤਾਰ ਮੁੜ ਭਰਪਾਈ ਨਾਲ ਪੇਂਡੂ ਵਾਤਾਵਰਣ ਵਿੱਚ ਸੁਧਾਰ ਨਾਲ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕੇਗਾ। ਉਨ੍ਹਾਂ ਨੇ ਵਿਭਾਗ ਨੂੰ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਪੈਦਾ ਕਰਕੇ ਸੂਬੇ ਵਿੱਚ ਜਲ ਪ੍ਰਬੰਧਨ ਅਤੇ ਸੰਭਾਲ ਲਈ ਲੋਕ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਵਿਭਾਗ ਦੀ ਕੰਢੀ ਖੇਤਰ ਲਈ ਵਾਟਰਸ਼ੈੱਡ ਸਕੀਮ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਪ੍ਰਾਜੈਕਟ ਖੇਤਰਾਂ ਵਿੱਚ ਬੇਜ਼ਮੀਨੇ ਕਿਸਾਨਾਂ ਅਤੇ ਔਰਤਾਂ ਨੂੰ ਵਿੱਤੀ ਸਹਾਇਤਾ ਅਤੇ ਸਿਖਲਾਈ ਦੇ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਦੇਣ ‘ਤੇ ਜ਼ੋਰ ਦਿੱਤਾ ਅਤੇ ਬਾਗ਼ਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਕਿਹਾ।
ਵਿਭਾਗੀ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਇੱਕ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਕੰਮਾਂ ਦਾ ਮੁੱਖ ਉਦੇਸ਼ ਸਿੰਜਾਈ ਪਾਣੀ ਦੀ ਵਰਤੋਂ ਕੁਸ਼ਲਤਾ ਵਿੱਚ ਵਾਧਾ ਅਤੇ ਸਿੰਜਾਈ ਲਈ ਬਦਲਵੇਂ ਸਿੰਜਾਈ ਜਲ ਸਰੋਤਾਂ ਦਾ ਵਿਕਾਸ ਕਰਨਾ ਹੈ ਕਿਉਂਕਿ ਰਾਜ ਦੇ ਲਗਭਗ 94 ਫ਼ੀਸਦੀ ਜਲ ਸਰੋਤਾਂ ਦੀ ਵਰਤੋਂ ਇਕੱਲੇ ਖੇਤੀਬਾੜੀ ਖੇਤਰ ਵਿੱਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਮੰਤਰੀ ਨੂੰ ਭਵਿੱਖ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਵਿਭਾਗ ਦੇ ਮੁੱਖ ਕੰਮਾਂ ਵਿੱਚ ਜ਼ਮੀਨਦੋਜ਼ ਪਾਈਪਲਾਈਨ ਸਿਸਟਮ, ਖੇਤੀਬਾੜੀ ਵਿੱਚ ਟ੍ਰੀਟਡ ਵਾਟਰ ਦੀ ਵਰਤੋਂ, ਤੁਪਕਾ ਅਤੇ ਸਪ੍ਰਿੰਕਲਰ ਸਿਸਟਮ, ਰੇਨ ਵਾਟਰ ਹਾਰਵੈਸਟਿੰਗ, ਵਾਟਰਸ਼ੈੱਡ ਆਧਾਰਤ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਕੰਮ ਸ਼ਾਮਲ ਹਨ।
ਮਾਈਕ੍ਰੋ ਇਰੀਗੇਸ਼ਨ ਅਪਨਾਉਣ ਵਾਲੇ ਕਿਸਾਨਾਂ ਲਈ ਸੋਲਰ ਪੰਪ ਸੈੱਟ ਸਕੀਮ ਸ਼ੁਰੂ ਕਰਨ ਲਈ ਵਿਭਾਗ ਦੇ ਪ੍ਰਸਤਾਵ ਬਾਰੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਈਕ੍ਰੋ ਇਰੀਗੇਸ਼ਨ ਅਤੇ ਸੋਲਰ ਸਿਸਟਮ ਦੇ ਨਾਲ-ਨਾਲ ਖੇਤਾਂ ਵਿਚ ਪਾਣੀ ਇਕੱਤਰ ਕਰਨ ਲਈ ਸਟੋਰੇਜ ਪੌਂਡ ਨੂੰ ਵੀ ਇਸ ਸਕੀਮ ਵਿੱਚ ਸ਼ਾਮਿਲ ਕਰਨ ਤਾਂ ਜੋ ਕਿਸਾਨ ਆਪਣੀ ਲੋੜ ਅਨੁਸਾਰ ਇਸ ਇਕੱਤਰ ਕੀਤੇ ਗਏ ਪਾਣੀ ਦੀ ਸੁਚੱਜੀ ਵਰਤੋਂ ਕਰ ਸਕਣ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਨੇ ਵਿਭਾਗ ਦੇ ਸਾਰੇ ਪ੍ਰੋਗਰਾਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਅਤੇ ਵਿਭਾਗ ਵਲੋਂ ਕੀਤੇ ਜਾਂਦੇ ਕੰਮਾਂ ਦੇ ਗੁਣਵੱਤਾ ਨਿਯੰਤਰਣ ਮਾਪਦੰਡਾਂ ਨੂੰ ਹਰ ਪੱਧਰ ‘ਤੇ ਕਾਇਮ ਰੱਖਣ ਲਈ ਕਿਹਾ। ਮੀਟਿੰਗ ਦੌਰਾਨ ਵਿਭਾਗ ਦੇ ਪ੍ਰਸਤਾਵਿਤ ਪੁਨਰਗਠਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।