Breaking
Mon. Nov 4th, 2024

ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕਰਨਾ ਮਹਿਜ਼ ਇਕ ਪਬਲੀਸਿਟੀ ਸਟੰਟ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਨੂੰ ਸਿਰਫ ਪਬਲੀਸਿਟੀ ਸਟੰਟ ਕਰਾਰ ਦਿੱਤਾ ਤੇ ਕਿਹਾ ਕਿ ਇਹ ਸਕੀਮ ਤਾਂ ਪਹਿਲਾਂ ਹੀ 1 ਜਨਵਰੀ 2016 ਨੂੰ  ਤਕਰੀਬਨ 8 ਸਾਲ ਪਹਿਲਾਂ ਬਾਦਲ ਸਰਕਾਰ ਨੇ ਸ਼ੁਰੂ ਕਰ ਦਿੱਤੀ ਸੀ ਤੇ ਪਾਰਟੀ ਨੇ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਦੇਸ਼ ਵਿਚ ਸ੍ਰੀ ਕੇਜਰੀਵਾਲ ਦਾ ਆਧਾਰ ਪੰਜਾਬ ਦੇ ਖਰਚੇ ’ਤੇ ਵਧਾਉਣਾ ਤੁਰੰਤ ਬੰਦ ਕਰਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ 2015 ਵਿਚ ਤਿਆਰ ਕੀਤੀ ਸੀ ਜੋ 1 ਜਨਵਰੀ 2016 ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਗਈ ਸੀ ਜਦੋਂ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਪਹਿਲੀ ਰੇਲ ਗੱਡੀ ਰਵਾਨਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਹ ਸਕੀਮ ਮਾਰਚ 2017 ਤੱਕ ਸਫਲਤਾ ਨਾਲ ਚੱਲਦੀ ਰਹੀ ਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਿਨਾਂ ਕਿਸੇ ਕਾਰਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਇਸ ਸਕੀਮ ਨੂੰ ਇਕ ਪਬਲੀਸਿਟੀ ਸਟੰਟ ਤੇ ਆਪ ਦੀ ਪ੍ਰਾਪੇਗੰਡਾ ਕਸਰਤ ਵਜੋਂ ਮੁੜ ਸ਼ੁਰੂ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਤਾਂ ਜੋ ਭਗਵੰਤ ਮਾਨ ਸਰਕਾਰ ਦੀਆਂ ਅਸਫਲਤਾਵਾਂ ’ਤੇ ਪਰਦਾ ਪਾਇਆ ਜਾ ਸਕੇ।

ਉਹਨਾਂ ਨੇ ਸਕੀਮ ਦਾ ਲਾਭ ਲੈਣ ਲਈ 52 ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਤੈਅ ਕਰਨ ਦਾ ਵੀ ਮਖੌਲ ਉਡਾਇਆ ਤੇ ਕਿਹਾ ਕਿ ਸਰਕਾਰ ਨੇ 2024 ਦੇ ਸ਼ੁਰੂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਮਹੀਨਿਆਂ ਵਾਸਤੇ ਇਹ ਸਕੀਮ ਸ਼ੁਰੂ ਕੀਤੀ ਹੈ ਜਦੋਂ ਕਿ ਬਾਦਲ ਸਰਕਾਰ ਨੇ ਆਪਣੀ ਸਰਕਾਰ ਦੇ ਪੂਰੇ ਕਾਰਜਕਾਲ ਵਿਚ ਇਹ ਸਕੀਮ ਚਲਾਈ ਸੀ।

ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਥੋੜ੍ਹੇ ਹੀ ਚਿਰਾਂ ਬਾਅਦ ਵੱਡੇ ਸਮਾਗਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਸਕੀਮ ਨੂੰ ਪੰਜ ਸਾਲਾਂ ਲਈ ਚਲਾਉਣ ਵਿਚ ਦਿਲਚਸਪੀ ਨਹੀਂ ਰੱਖਦੀ ਸਗੋਂ ਉਹ ਪਾਰਲੀਮਾਨੀ ਚੋਣਾਂ ਦੇ ਮੱਦੇਨਜ਼ਰ ਪਬਲੀਸਿਟੀ ਵਿਚ ਹੀ ਦਿਲਚਸਪੀ ਰੱਖਦੀ ਹੈ।

ਉਹਨਾਂ ਨੇ ਸੂਬੇ ਵਿਚ ਵਾਰ-ਵਾਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸੱਦੇ ਜਾਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਘਟਦਾ ਹੈ।ਉਹਨਾਂ ਕਿਹਾ ਕਿ ਭਗਵੰਤ ਮਾਨ ਇਸ ਲਈ ਇਕੱਲੇ ਹੀ ਜ਼ਿੰਮੇਵਾਰ ਹਨ ਕਿਉਂਕਿ ਉਹ ਸ੍ਰੀ ਕੇਜਰੀਵਾਲ ਦੇ ਟੂਰ ਅਪਰੇਟਰ ਵਜੋਂ ਕੰਮ ਕਰ ਰਹੇ ਹਨ ਤੇ ਪੰਜਾਬ ਸਰਕਾਰ ਦੇ ਖਰਚੇ ’ਤੇ ਸ੍ਰੀ ਕੇਜਰੀਵਾਲ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਢੋਂਦੇ ਫਿਰ ਰਹੇ ਹਨ।

Related Post

Leave a Reply

Your email address will not be published. Required fields are marked *