ਭਾਰਤ ਨੇ ਏਅਰਫੋਰਸ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ 97 ਤੇਜਸ ਹਲਕੇ ਲੜਾਕੂ ਜਹਾਜ਼ਾਂ ਤੇ ਲਗਭਗ 150 ਪ੍ਰਚੰਡ ਹੈਲੀਕਾਪਟਰਾਂ ਦੀ ਵਾਧੂ ਖੇਪ ਦੀ ਖਰੀਦ ਲਈ ਸ਼ੁਰੂਆਤੀ ਮਨਜ਼ੂਰੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਡੀਏਸੀ ਨੇ ਆਪਣੇ ਸੁਖੋਈ-30 ਲੜਾਕੂ ਬੇੜੇ ਨੂੰ ਵਿਕਸਿਤ ਕਰਨ ਲਈ ਭਾਰਤੀ ਹਵਾਈ ਫੌਜ ਦੇ ਇਕ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।
ਤੇਜਸ ਇਕ ਭਾਰਤੀ ਸਿੰਗਲ ਇੰਜਣ, ਡੇਲਟਾ ਵਿੰਗ ਵਾਲਾ ਹਲਕਾ ਮਲਟੀਰੋਲ ਲੜਾਕੂ ਜਹਾਜ਼ ਹੈ। ਇਸ ਨੂੰ ਏਅਰੋਨਾਟਿਕਲ ਡਿਵੈਲਪਮੈਂਟ ਏਜੰਸੀ ਨੇ ਹਿੰਦੋਸਤਾਨ ਏਅਰੋਲਨਾਟਿਕ ਲਿਮਟਿਡ ਦੇ ਏਅਰਕ੍ਰਾਫਟ ਰਿਸਰਚ ਐਂਡ ਡਿਜ਼ਾਈਨ ਸੈਂਟਰ ਦੇ ਸਹਿਯੋਗ ਨਾਲ ਭਾਰਤੀ ਹਵਾਈ ਫੌਜ ਤੇ ਭਾਰਤੀ ਜਲ ਫੌਜ ਲਈ ਡਿਜ਼ਾਈਨ ਕੀਤਾ ਹੈ।
ਤੇਜਸ ਨੂੰ ਲਾਈਟ ਕਾਮਬੈਟ ਏਅਰਕ੍ਰਾਫਟ ਪ੍ਰੋਗਰਾਮ ਤੋਂ ਵਿਕਸਿਤ ਕੀਤਾ ਗਿਆ ਜੋ 1980 ਦੇ ਦਹਾਕੇ ਵਿਚ ਭਾਰਤ ਦੇ ਪੁਰਾਣੇ ਮਿਗ-21 ਲੜਾਕੂ ਜਹਾਜ਼ਾਂ ਨੂੰ ਬਦਲਣ ਲਈ ਸ਼ੁਰੂ ਹੋਇਆ ਸੀ। ਬਾਅਦ ਵਿਚ ਇਕ ਸਾਧਾਰਨ ਬੇੜੇ ਆਧੁਨਿਕੀਕਰਨ ਪ੍ਰੋਗਰਾਮ ਦਾ ਹਿੱਸਾ ਬਣ ਗਿਆ। 2003 ਵਿਚ LCA ਨੂੰ ਅਧਿਕਾਰਕ ਤੌਰ ‘ਤੇ ਤੇਜਸ ਨਾਂ ਦਿੱਤਾ ਗਿਆ। ਇਹ ਸਮਕਾਲੀ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੀ ਆਪਣੀ ਸ਼੍ਰੇਣੀ ਵਿਚ ਸਭ ਤੋਂ ਛੋਟਾ ਤੇ ਹਲਕਾ ਹੈ।
ਐੱਚਐੱਲ ਪ੍ਰਚੰਡ ਭਾਰਤੀ ਬਹੁ-ਉਦੇਸ਼ੀ ਹਲਕਾ ਹਮਲਾ ਹੈਲੀਕਾਪਟਰ ਹੈ ਜਿਸ ਨੂੰ ਪ੍ਰਾਜੈਕਟ ਐੱਲਸੀਐੱਚ ਤਹਿਤ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਵੱਲੋਂ ਡਿਜ਼ਾਈਨ ਕੀਤਾ ਗਿਆ ਤੇ ਬਣਾਇਆ ਗਿਆ ਹੈ। LCH ਪ੍ਰਚੰਡ ਦੇ ਵਿਕਾਸ ਲਈ ਅਸਲੀ ਪ੍ਰੇਰਣਾ ਕਾਰਗਿਲ ਯੁੱਧ ਦੌਰਾਨ ਮਿਲੀ, ਜੋ 1999 ਵਿਚ ਭਾਰਤ ਤੇ ਗੁਆਂਢੀ ਪਾਕਿਸਤਾਨ ਦੇ ਵਿਚ ਲੜਿਆ ਗਿਆ ਸੰਘਰਸ਼ ਸੀ ਜਿਸ ਤੋਂ ਪਤਾ ਲੱਗਾ ਕਿ ਭਾਰਤੀ ਫੌਜੀਆਂ ਕੋਲ ਜ਼ਿਆਦਾ ਉਚਾਈ ‘ਤੇ ਲਗਾਤਾਰ ਉਡਾਣ ਭਰਨ ਵਿਚ ਸਮਰੱਥਾ ਇਕ ਲੜਾਕੂ ਹੈਲੀਕਾਪਟਰ ਦੀ ਘਾਟ ਸੀ।